ਸਿੱਖ ਨੌਜਵਾਨਾਂ ਦਾ Fake encounter ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਹੋਈ ਸਜ਼ਾ | OneIndia Punjabi
  • 2 years ago
ਗੁਰਦਾਸਪੁਰ ਦੇ ਵਧੀਕ ਸੈਸ਼ਨ ਜੱਜ ਪਰਮਿੰਦਰ ਸਿੰਘ ਰਾਏ ਦੀ ਅਦਾਲਤ ਨੇ 30 ਸਾਲ ਪੁਰਾਣੇ ਇਕ ਮਾਮਲੇ ਦਾ ਨਿਪਟਾਰਾ ਕਰਦਿਆਂ ਫਰਜ਼ੀ ਮੁਕਾਬਲਾ ਕਰਨ ਵਾਲੇ ਦੋ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਤੇ ਪੰਜ-ਪੰਜ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸਜ਼ਾ ਪਾਉਣ ਵਾਲੀ ਮੁਲਾਜ਼ਮਾਂ ’ਚ ਥਾਣਾ ਡੇਰਾ ਬਾਬਾ ਨਾਨਕ ’ਚ ਤਾਇਨਾਤ ਤੱਤਕਾਲੀ ਏਐੱਸਆਈ ਚੰਨਣ ਸਿੰਘ ਤੇ ਏਐੱਸਆਈ ਤਰਲੋਕ ਸਿੰਘ ਸ਼ਾਮਲ ਹਨ। ਇਸ ਮਾਮਲੇ ’ਚ ਸ਼ਿਕਾਇਤਕਰਤਾ ਕਲਾਨੌਰ ਦੀ ਵਸਨੀਕ ਲਖਬੀਰ ਕੌਰ ਨੇ ਅਦਾਲਤ ਵਿਚ ਕੇਸ ਦਾਖ਼ਲ ਕੀਤਾ ਸੀ। ਲਖਬੀਰ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 302, 364 ਤਹਿਤ ਦੋਸ਼ ਆਇਦ ਹੋਏ ਸਨ। ਲਖਬੀਰ ਕੌਰ ਨੇ ਦੱਸਿਆ ਕਿ 21 ਮਾਰਚ 1993 ਨੂੰ ਦੁਪਹਿਰ ਸਮੇਂ ਉਹ ਆਪਣੇ ਪੁੱਤਰ ਬਲਵਿੰਦਰ ਸਿੰਘ ਨਾਲ ਬੱਸ ’ਚ ਸਵਾਰ ਹੋ ਕੇ ਪਿੰਡ ਭੋਮਾ ਤੋਂ ਵਾਪਸ ਆ ਰਹੀ ਸੀ। ਇਸੇ ਬੱਸ ’ਚ ਉਨ੍ਹਾਂ ਦੇ ਜਾਣਕਾਰ ਵਿਰਸਾ ਸਿੰਘ ਉਸ ਦੀ ਪਤਨੀ ਸੁਖਵਿੰਦਰ ਕੌਰ ਤੇ ਪੁੱਤਰ ਬਲਜਿੰਦਰ ਸਿੰਘ ਉਰਫ਼ ਲਾਟੂ ਵੀ ਸਫਰ ਕਰ ਰਹੇ ਸਨ। ਜਦੋਂ ਬੱਸ ਤਲਵੰਡੀ ਰਾਮਾ ਦੇ ਬੱਸ ਸਟਾਪ ਤੇ ਰੁਕੀ ਤਾਂ ਅਚਾਨਕ ਥਾਣਾ ਡੇਰਾ ਬਾਬਾ ਨਾਨਕ ਦੇ ਐੱਸਐੱਚਓ ਬਲਦੇਵ ਸਿੰਘ, ਕਾਂਸਟੇਬਲ ਚੰਨਣ ਸਿੰਘ, ਕਾਂਸਟੇਬਲ ਨਿਰਮਲ ਸਿੰਘ ਅਤੇ ਕੁਝ ਹੋਰ ਪੁਲਿਸ ਮੁਲਾਜ਼ਮ ਬੱਸ ’ਚ ਆ ਵੜੇ। ਉਨ੍ਹਾਂ ਜ਼ਬਰਦਸਤੀ ਉਸ ਦੇ ਪੁੱਤਰ ਬਲਵਿੰਦਰ ਸਿੰਘ ਤੇ ਨਾਲ ਸਫਰ ਕਰ ਰਹੇ ਨੌਜਵਾਨ ਬਲਜਿੰਦਰ ਸਿੰਘ ਉਰਫ ਲਾਟੂ ਨੂੰ ਬੱਸ ’ਚੋਂ ਉਤਾਰ ਲਿਆ। ਜਦੋਂ ਇਸ ਬਾਰੇ ਪੁਲਿਸ ਨੂੰ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਅੱਤਵਾਦੀ ਹਨ। ਪੁਲਿਸ ਉਨ੍ਹਾਂ ਨੂੰ ਡੇਰਾ ਬਾਬਾ ਨਾਨਕ ਥਾਣੇ ਲੈ ਗਈ। ਪਰਿਵਾਰ ਤੇ ਪਿੰਡ ਵਾਲੇ ਥਾਣਾ ਡੇਰਾ ਬਾਬਾ ਨਾਨਕ ਗਏ ਤੇ ਨੌਜਵਾਨਾਂ ਨੂੰ ਬੇਕਸੂਰ ਦੱਸਦਿਆਂ ਰਿਹਾਅ ਕਰਨ ਦੀ ਮੰਗ ਕੀਤੀ ਪਰ ਉਨ੍ਹਾਂ ਦੀ ਕੋਈ ਨਹੀਂ ਸੁਣੀ ਗਈ। ਉਸ ਸਮੇਂ ਪੁਲਿਸ ਨੇ ਥਾਣੇ ’ਚ ਬਲਵਿੰਦਰ ਸਿੰਘ ਨਾਮ ਦਾ ਇੱਕ ਹੋਰ ਨੌਜਵਾਨ ਵੀ ਬਿਠਾਇਆ ਹੋਇਆ ਸੀ। 23 ਮਾਰਚ 1993 ਪੁਲਿਸ ਉਨ੍ਹਾਂ ਨੂੰ ਜਬਰੀ ਗੱਡੀ ’ਚ ਬਿਠਾ ਕੇ ਪਿੰਡ ਕਠਿਆਲੀ ਵੱਲ ਲੈ ਗਈ। ਨੌਜਵਾਨ ਸ਼ੋਰ ਮਚਾ ਰਹੇ ਸਨ ਕਿ ਉਨ੍ਹਾਂ ਨੂੰ ਮਾਰ ਦਿੱਤਾ ਜਾਵੇਗਾ। ਥੋੜ੍ਹੇ ਸਮੇਂ ਬਾਅਦ ਜਦੋਂ ਪੁਲਿਸ ਦੀ ਗੱਡੀ ਕਠਿਆਲੀ ਪਿੰਡ ਪੁੱਜੀ ਤਾਂ ਪਿੰਡ ਵਾਸੀਆਂ ਨੇ ਗੋਲ਼ੀਆਂ ਚੱਲਣ ਦੀ ਆਵਾਜ਼ ਸੁਣੀ। ਇਸ ਤਰ੍ਹਾਂ ਨੌਜਵਾਨਾਂ ਨੂੰ ਝੂਠੇ ਮੁਕਾਬਲੇ ’ਚ ਮਾਰ ਦਿੱਤਾ ਗਿਆ ਸੀ। ਸ਼ਿਕਾਇਤਕਰਤਾ ਲਖਬੀਰ ਕੌਰ ਨੇ ਦੱਸਿਆ ਕਿ ਉਸ ਦੇ ਪੁੱਤਰ ਦੀ ਲਾਸ਼ ਵੀ ਨਹੀਂ ਦਿੱਤੀ ਗਈ। ਪੁਲਸ ਨੇ ਖ਼ੁਦ ਹੀ ਸਸਕਾਰ ਕਰ ਦਿੱਤਾ। ਇਸ ਅਹਿਮ ਮਾਮਲੇ ਦੀ ਸੁਣਵਾਈ ਕਰੀਬ ਤੀਹ ਸਾਲ ਤੱਕ ਚੱਲੀ। ਇਸ ਦੌਰਾਨ ਤਿੰਨ ਹੋਰ ਮੁਲਜ਼ਮ ਐੱਸਐੱਚਓ ਬਲਦੇਵ ਸਿੰਘ ਏਐੱਸਆਈ ਗਿਆਨ ਸਿੰਘ ਤੇ ਹੈੱਡਕਾਂਸਟੇਬਲ ਨਿਰਮਲ ਸਿੰਘ ਦੀ ਮੌਤ ਹੋ ਚੁੱਕੀ ਸੀ।
Recommended