ਨਾਕੇ ਦੌਰਾਨ ਪੁਲਿਸ ਪਾਰਟੀ 'ਤੇ ਗੋਲੀਬਾਰੀ, ਅਸਲੇ ਸਮੇਤ ਗ੍ਰਿਫ਼ਤਾਰ, ਚਾਰ ਕੇਸਾਂ 'ਚ ਲੋੜੀਂਦਾ ਐ ਮੁਲਜ਼ਮ

  • 5 years ago
ਅੰਮਿ੍ਤਸਰ : ਰਣਜੀਤ ਐਵੀਨਿਊ ਇਲਾਕੇ ਵਿਚ ਨਾਕੇ ਉੱਤੇ ਚੈਕਿੰਗ ਦੌਰਾਨ ਬੋਲੈਰੋ ਸਵਾਰ 2 ਅਨਸਰਾਂ ਨੇ ਐਤਵਾਰ ਰਾਤ ਪੁਲਿਸ ਪਾਰਟੀ ਉੱਤੇ ਤਾਬੜਤੋੜ ਗੋਲੀਬਾਰੀ ਕਰ ਦਿੱਤੀ। ਮਾਮਲਾ ਇਹ ਹੈ ਕਿ ਪੁਲਿਸ ਟੀਮ ਨੇ ਗ਼ਲਤ ਦਿਸ਼ਾ ਤੋਂ ਆਉਂਦੇ ਬੋਲੈਰੋ ਸਵਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਇਕ ਜਣੇ ਨੂੰ ਕਾਬੂ ਕਰ ਲਿਆ ਜਦਕਿ ਦੂਜਾ ਫ਼ਰਾਰ ਹੋ ਗਿਆ। ਕਾਬੂ ਆਇਆ ਅਨਸਰ ਚਾਰ ਮੁਕੱਦਮਿਆਂ ਵਿਚ ਲੋੜੀਂਦਾ ਹੈ।

ਰਣਜੀਤ ਐਵੀਨਿਊ ਥਾਣੇ ਦੇ ਸਬ-ਇੰਸਪੈਕਟਰ ਵਾਰਿਸ ਮਸੀਹ ਨੇ ਦੱਸਿਆ ਕਿ ਐਤਵਾਰ ਦੀ ਰਾਤ ਪੁਲਿਸ ਪਾਰਟੀ ਨੇ ਰਣਜੀਤ ਐਵੀਨਿਊ ਇਲਾਕੇ ਵਿਚ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਗ਼ਲਤ ਪਾਸਿਓਂ ਆਉਂਦੀ ਬੋਲੈਰੋ ਚਾਲਕ ਨੂੰ ਰੁੁਕਣ ਦਾ ਇਸ਼ਾਰਾ ਕੀਤਾ ਪਰ ਚਾਲਕ ਨੇ ਰੁਕਣ ਦੀ ਬਜਾਏ ਰਫ਼ਤਾਰ ਵਧਾ ਦਿੱਤੀ। ਜਦੋਂ ਪੁਲਿਸ ਨੇ ਪਿੱਛਾ ਕਰਨਾ ਚਾਹਿਆ ਤਾਂ ਵਾਹਨ ਦੇ ਅੰਦਰੋਂ ਬਾਹਰ ਦੀ ਤਰਫ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ।

ਪੁਲਿਸ ਨੇ ਆਪਣੇ ਵਾਹਨਾਂ ਤੇ ਮੁਲਜ਼ਮਾਂ ਦਾ ਪਿੱਛਾ ਕੀਤਾ ਤੇ ਕੁਝ ਦੂਰੀ ਉੱਤੇ ਜਾ ਕੇ ਉਨ੍ਹਾਂ ਨੂੰ ਘੇਰ ਲਿਆ। ਇਸ ਦੌਰਾਨ ਜੰਡਿਆਲਾ ਗੁਰੂ ਦੇ ਮਹੱਲੇ ਸ਼ੇਖੂਪੁਰਾ ਵਾਸੀ ਅੰਮਿ੍ਤਪਾਲ ਸਿੰਘ ਨੂੰ ਗਿ੍ਫਤਾਰ ਕੀਤਾ ਜਿਸ ਨੇ ਕਿ ਨਸ਼ਾ ਕੀਤਾ ਹੋਇਆ ਸੀ ਜਦਕਿ ਉਸ ਦਾ ਸਾਥੀ ਬਲਜੀਤ ਸਿੰਘ ਕੰਦਾ ਪੁਲਿਸ ਨੂੰ ਝਕਾਨੀ ਦੇ ਕੇ ਫ਼ਰਾਰ ਹੋ ਗਿਆ। ਪੁਲਿਸ ਮੁਤਾਬਕ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿਚ ਰੱਖੀ 7.65 ਐੱਮਐੱਮ ਦੀ ਪਿਸਤੌਲ, 1 ਮੈਗਜ਼ੀਨ, 4 ਕਾਰਤੂਸ ਤੇ ਨਸ਼ੇ ਦੀਆਂ 705 ਗੋਲੀਆਂ ਬਰਾਮਦ ਕੀਤੀਆਂ ਗਈਆਂ। ਅਗਲੀ ਪੁੱਛ ਪੜਤਾਲ ਜਾਰੀ ਹੈ।

Recommended